ਬੱਲ ਪ੍ਰੋਡਕਸ਼ਨਜ ਨੇ ਆਸਟਰੇਲੀਆ ਵਿੱਚ ਪੰਜਾਬੀ ਫ਼ਿਲਮਾਂ ਬਣਾਉਣ ਲਈ ਸਥਾਪਤ ਕੀਤਾ ਮੀਲ ਪੱਥਰ ।

NZ Punjabi NewsNZ Punjabi News
ਬੱਲ ਪ੍ਰੋਡਕਸ਼ਨਜ ਨੇ ਆਸਟਰੇਲੀਆ ਵਿੱਚ ਪੰਜਾਬੀ ਫ਼ਿਲਮਾਂ ਬਣਾਉਣ ਲਈ ਸਥਾਪਤ ਕੀਤਾ ਮੀਲ ਪੱਥਰ ।
ਮੈਲਬੌਰਨ : 24 ਜੁਲਾਈ ( ਸੁਖਜੀਤ ਸਿੰਘ ਔਲਖ ) ਆਸਟਰੇਲੀਆ ਦੇ ਇਤਿਹਾਸ ਵਿੱਚ ਪੰਜਾਬੀ ਫਿਲਮਾਂ ਲਈ ਇੱਕ ਮੀਲ ਪੱਥਰ ਸਥਾਪਤ ਕਰਦਿਆਂ ਬੱਲ ਪ੍ਰੋਡਕਸ਼ਨਜ ਤੋਂ ਮੋਹਨਬੀਰ ਸਿੰਘ ਬੱਲ ਤੇ ਫਿਲਮੀਲੋਕ ਨੇ ਵੱਡੇ ਬਜਟ ਤੇ ਵੱਡੇ ਪੱਧਰ ਦੀ ਪਹਿਲੀ ਪੰਜਾਬੀ ਫਿਲਮ “ ਮਿਸਟਰ ਸ਼ੁਦਾਈ “ ਦਾ ਪੋਸਟਰ ਬੀਤੇ ਕੱਲ ਬੈਂਗਹੋਲਮ ਇਲਾਕੇ ਦੇ “ ਰਿਸੈਪਸ਼ਨ ਐਟ ਸਫਾਇਰ “ ਵਿਖੇ ਰਿਲੀਜ ਕੀਤਾ ਜਿਸ ਵਿੱਚ ਪੰਜਾਬੀ ਫ਼ਿਲਮਾਂ ਦੇ ਮੰਨੇ ਪ੍ਰਮੰਨੇ ਕਲਾਕਾਰ ਤੇ ਅਦਾਕਾਰ ਕਰਮਜੀਤ ਅਨਮੋਲ , ਮਲਕੀਤ ਰੌਣੀ , ਮੈਂਡੀ ਤੱਖੜ , ਹਰਸਿਮਰਨ , ਸੁਖਵਿੰਦਰ ਚਾਹਲ , ਹਰਬੀ ਸੰਘਾ , ਨਿਸ਼ਾ ਬਾਨੋ ਤੇ ਹੋਰ ਸਾਰੀ ਸਟਾਰ ਕਾਸਟ ਟੀਮ ਨੇ ਹਾਜ਼ਰੀ ਭਰੀ । ਫਿਲਮ ਦੇ ਡਾਇਰੈਕਟਰ ਹਰਜੋਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟਰੇਲੀਆ ਨੂੰ ਵੱਡੇ ਪੱਧਰ ਤੇ ਦੇਸ਼ ਦੁਨੀਆਂ ਦੇ ਸਾਹਮਣੇ ਵਿਖਾਉਣ ਤੇ ਚਮਕਾਉਣ ਲਈ ਉਹਨਾਂ ਨੇ ਸਥਾਨਕ ਟੀਮ ਦੀ ਮਦਦ ਨਾਲ ਪੰਜਾਬ ਦੀ ਧਰਤੀ ਤੋਂ ਉੱਘੇ ਕਲਾਕਾਰ ਬੁਲਾ ਕੇ ਏਥੇ ਸ਼ੂਟਿੰਗ ਕੀਤੀ ਹੈ ਜਿਸਨੂੰ ਲਿਖਿਆ ਵੀ ਸਥਾਨਕ ਲੇਖਕ ਕੁਰਾਨ ਢਿੱਲੋਂ ਨੇ ਹੈ ਤੇ ਗੀਤ ਵੀ ਏਥੇ ਦੇ ਹੀ ਗੀਤਕਾਰ ਤੇ ਗਾਇਕ ਜੀਤ ਸੰਧੂ ਨੇ ਲਿਖੇ ਤੇ ਗਾਏ ਹਨ । ਕਰਮਜੀਤ ਅਨਮੋਲ ਤੇ ਮਲਕੀਤ ਰੌਣੀ ਨੇ ਸਾਂਝੇ ਤੌਰ ਤੇ ਬੋਲਦਿਆਂ ਕਿਹਾ ਕਿ ਪੰਜਾਬੀ ਫਿਲਮ ਜਗਤ ਲਈ ਇਹ ਇੱਕ ਨਵਾਂ ਮੀਲ ਪੱਥਰ ਹੋਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਆਸਟਰੇਲੀਆ ਦੀ ਧਰਤੀ ਤੇ ਫ਼ਿਲਮਾਂ ਬਣਨੀਆਂ ਸ਼ੁਰੂ ਹੋ ਜਾਣਗੀਆਂ । ਮੈਂਡੀ ਤੱਖੜ , ਹਰਸਿਮਰਨ ਤੇ ਹੋਰ ਕਲਾਕਾਰਾਂ ਨੇ ਕਿਹਾ ਕਿ ਏਥੇ ਵੱਸਦੇ ਪੰਜਾਬੀਆਂ ਦਾ ਮੋਹ ਪਿਆਰ ਸਾਨੂੰ ਏਥੇ ਹੋਰ ਵੀ ਕੰਮ ਕਰਨ ਲਈ ਖਿੱਚ ਲਿਆਵੇਗਾ । ਫਿਲਮ ਦੇ ਨਿਰਮਾਤਾ ਮੋਹਨਬੀਰ ਬੱਲ ਤੇ ਦਿਲਬਾਗ ਬਾਜਵਾ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬੀ ਫ਼ਿਲਮਾਂ ਦੇ ਚੰਗੇਰੇ ਭਵਿੱਖ ਲਈ ਉਹ ਚੰਗੇ ਵਿਸ਼ਿਆਂ ਤੇ ਬਣਨ ਵਾਲੀਆਂ ਫਿਲਮਾਂ ਲਈ ਆਉਣ ਵਾਲੇ ਸਮੇਂ ਵਿੱਚ ਵੀ ਵੱਧ ਚੜ ਕੇ ਕੰਮ ਕਰਦੇ ਰਹਿਣਗੇ । ਇੱਥੇ ਇਹ ਵੀ ਜਿਕਰਯੋਗ ਹੈ ਕਿ ਮੋਹਨਬੀਰ ਬੱਲ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੇ ਬਹੁਤ ਵੱਡੇ ਆਸ਼ਕ ਹਨ ਤੇ ਏਥੇ ਹੋਣ ਵਾਲੇ ਕਬੱਡੀ ਕੱਪਾਂ ਤੇ ਲੱਖਾਂ ਡਾਲਰ ਚੋਟੀ ਦੇ ਖਿਡਾਰੀਆਂ ਦੀਆਂ ਰੇਡਾਂ ਤੇ ਲਾ ਰਹੇ ਹਨ । ਮਿਸਟਰ ਸ਼ੁਦਾਈ 24 ਨਵੰਬਰ ਨੂੰ ਸਿਨਮਿਆਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ ਜਿਸਨੂੰ ਲੈ ਕੇ ਸਾਰੀ ਟੀਮ ਜੀਅ ਤੋੜ ਮਿਹਨਤ ਕਰ ਰਹੀ ਹੈ ਤੇ ਉਹਨਾਂ ਨੂੰ ਫਿਲਮ ਤੋਂ ਵੱਡੀਆਂ ਆਸਾਂ ਹਨ ।