ਬੱਸ ਡਰਾਈਵਰ ਨਵਦੀਪ ਨੇ ਸੜ੍ਹਦੀ ਹੋਈ ਬੱਸ ‘ਚੋਂ ਬਚਾਏ ਕਈ ਮੁਸਾਫਰ
ਆਕਲੈਂਡ - ਨਵਦੀਪ ਸਿੰਘ ਜੋ ਮੈਲਬੋਰਨ ਦੀ ਪਬਲਿਕ ਬੱਸ ਸੇਵਾਵਾਂ ਲਈ ਬੱਸ ਡਰਾਈਵਰ ਦੀ ਨੌਕਰੀ ਕਰਦਾ ਹੈ, ਇਸ ਵੇਲੇ ਲੋਕਲ ਮੀਡੀਆ ਤੋਂ ਲੈਕੇ ਸੋਸ਼ਲ ਮੀਡੀਆ ਤੱਕ ਵਾਹ-ਵਾਹੀ ਖੱਟ ਰਿਹਾ ਹੈ। ਉਸਨੂੰ ਇੱਕ ਹੀਰੋ ਵਾਂਗ ਹਰ ਪਾਸੇ ਵਡਿਆਈ ਮਿਲ ਰਹੀ ਹੈ।ਦਰਅਸਲ ਬੀਤੇ ਦਿਨੀਂ ਨਵਦੀਪ 232 ਰੂਟ 'ਤੇ ਬੱਸ ਚਲਾ ਰਿਹਾ ਸੀ, ਸ਼ਾਮ 5.45 ਦੇ ਕਰੀਬ ਅਚਾਨਕ ਹੀ ਉਸਦੀ ਬੱਸ ਵਿੱਚ ਅੱਗ ਲੱਗ ਗਈ ਅਤੇ ਬੱਸ ਵਿੱਚ ਮੌਜੂਦ ਯਾਤਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ। ਨਵਦੀਪ ਨੇ ਹਿੰਮਤ ਤੋਂ ਕੰਮ ਲੈਂਦਿਆਂ ਯਾਤਰੀਆਂ ਨੂੰ ਬੱਸ ਵਿੱਚੋਂ ਸੁਰੱਖਿਅਤ ਉਤਾਰ ਲਿਆ ਅਤੇ ਕੁਝ ਸਮੇਂ ਵਿੱਚ ਹੀ ਬੱਸ ਅੱਗ ਦਾ ਇੱਕ ਗੋਲਾ ਬਣ ਗਈ। ਮੌਕੇ 'ਤੇ ਪੁੱਜੀ ਫਾਇਰ ਵਿਭਾਗ ਦੀਆਂ ਟੀਮਾਂ ਨੇ ਬੱਸ ਦੀ ਅੱਗ ਤਾਂ ਬੁਝਾ ਦਿੱਤੀ, ਪਰ ਤੱਦ ਤੱਕ ਬੱਸ ਸੜ੍ਹ ਕੇ ਸੁਆਹ ਹੋ ਗਈ ਸੀ।ਬੱਸ ਕੰਪਨੀ ਕਾਇਨੈਟਿਕ ਨੇ ਵੀ ਨਵਦੀਪ ਦੇ ਹੌਂਸਲੇ ਭਰੇ ਕਾਰੇ ਦੀ ਵਡਿਆਈ ਕੀਤੀ ਹੈ ਅਤੇ ਯਾਤਰੀਆਂ ਦੀ ਜਾਨ ਬਚਾਉਣ ਲਈ ਨਵਦੀਪ ਨੂੰ ਸਨਮਾਨ ਪੇਸ਼ ਕੀਤਾ ਹੈ।ਬੱਸ ਡੀਜ਼ਲ ਨਾਲ ਚੱਲਦੀ ਸੀ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਨਣ ਲਈ ਕੰਪਨੀ ਤੋਂ ਇਲਾਵਾ ਇੱਕ ਇੰਡੀਪੈਂਡੇਂਟ ਜਾਂਚ ਵੀ ਆਰੰਭ ਦਿੱਤੀ ਗਈ ਹੈ।