ਗਾਇਕ ਮੀਕਾ ਸਿੰਘ ਦਾ ਆਸਟ੍ਰੇਲੀਆ ਦਾ ਵੀਜ਼ਾ ਰੱਦ , ਆਸਟ੍ਰੇਲੀਆ ਨਿਊਜੀਲੈਂਡ ਦੇ ਸੋਆਂ ਦਾ ਵੱਡਾ ਨੁਕਸਾਨ
ਮਸ਼ਹੂਰ ਗਾਇਕ ਮੀਕਾ ਸਿੰਘ ਆਪਣੀ ਬੁਲੰਦ ਗਾਇਕੀ ਨਾਲ ਬਾਲੀਵੁੱਡ ਇੰਡਸਟਰੀ 'ਚ ਵੱਖਰੀ ਪਛਾਣ ਬਣਾ ਚੁੱਕੇ ਹਨ। ਹਾਲ ਹੀ 'ਚ ਖ਼ਬਰ ਸਾਹਮਣੇ ਆਈ ਹੈ ਕਿ ਮੀਕਾ ਸਿੰਘ ਦੀ ਵੀਜ਼ਾ ਅਰਜ਼ੀ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨੇ ਰੱਦ ਕਰ ਦਿੱਤੀ ਹੈ। ਇਮੀਗ੍ਰੇਸ਼ਨ ਦੇ ਇਸ ਕਦਮ ਨਾਲ ਮੀਕਾ ਸਿੰਘ ਦੇ ਆਸਟ੍ਰੇਲੀਆ 'ਚ ਦਾਖ਼ਲ ਹੋਣ 'ਤੇ ਰੋਕ ਲੱਗ ਗਈ ਹੈ। ਜਾਣਕਾਰੀ ਮੁਤਾਬਕ, ਮੀਕਾ ਸਿੰਘ ਇਸੇ ਮਹੀਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚ ਲਾਈਵ ਕੰਸਰਟ ਹੋਣ ਵਾਲੇ ਸਨ ਪਰ ਉਨ੍ਹਾਂ ਸਾਰੇ ਪ੍ਰੋਗਰਾਮਾਂ ਨੂੰ ਤੁਰੰਤ ਰੱਦ ਕਰਨਾ ਪਿਆ। ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦੇ ਇਸ ਵੱਡੇ ਕਦਮ ਪਿੱਛੇ ਮੀਕਾ ਸਿੰਘ ਦਾ ਅਪਰਾਧਿਕ ਇਤਿਹਾਸ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਸਾਰੇ ਸ਼ੋਅ ਆਯੋਜਕ ਮਿਲ ਕੇ ਸਿਆਸੀ ਦਬਾਅ ਪੁਆ ਕੇ ਇਸ ਪੌਪ ਸਟਾਰ ਨੂੰ ਵੀਜ਼ਾ ਦਿਵਾਉਣ ਦੇ ਜੁਗਾੜ 'ਚ ਲੱਗ ਗਏ ਸਨ ਪਰ ਅੱਡੀ-ਚੋਟੀ ਦਾ ਜ਼ੋਰ ਲਾਉਣ ਦੇ ਬਾਵਜੂਦ ਅਧਿਕਾਰੀਆਂ ਅਤੇ ਮੰਤਰੀਆਂ ਨੇ ਕਾਨੂੰਨ ਦੇ ਦਾਇਰੇ 'ਚੋਂ ਬਾਹਰ ਜਾ ਕੇ ਕੋਈ ਵੀ ਮਦਦ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਆਯੋਜਕਾਂ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਭਾਰੀ ਮਨ ਨਾਲ ਸਾਰੇ ਪ੍ਰੋਗਰਾਮ ਟਾਲਣ ਦੀ ਜਾਣਕਾਰੀ ਦੇਣੀ ਪਈ। ਲਗਭਗ ਸਾਰੇ ਸ਼ੋਅਜ਼ ਦੀਆਂ ਟਿਕਟਾਂ ਜ਼ਿਆਦਾਤਰ ਵਿਕ ਚੁੱਕੀਆਂ ਹਨ ਅਤੇ ਲੱਖਾਂ-ਕਰੋੜਾਂ ਡਾਲਰ ਆਯੋਜਨ 'ਚ ਲੱਗ ਚੁੱਕੇ ਹਨ। ਨਿਯਮ ਮੁਤਾਬਕ ਸਾਰੇ ਟਿਕਟ ਧਾਰਕਾਂ ਨੂੰ ਉਨ੍ਹਾਂ ਦੀ ਰਾਸ਼ੀ ਵਾਪਸ ਕਰਨੀ ਪਵੇਗੀ, ਜਿਸ ਨਾਲ ਆਯੋਜਕਾਂ ਨੂੰ ਕਰੋੜਾਂ ਦਾ ਚੂਨਾ ਲੱਗਾ ਹੈ।