ਬਹੁਤ ਜਿਆਦਾ ਮੰਦਭਾਗੀ ਖਬਰ!

NZ Punjabi NewsNZ Punjabi News
ਬਹੁਤ ਜਿਆਦਾ ਮੰਦਭਾਗੀ ਖਬਰ!
ਆਕਲੈਂਡ - ਅੱਜ ਕੁਈਨਜ਼ਲੈਂਡ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰ ਨੂੰ ਅੱਗ ਲੱਗਣ ਦੀ ਘਟਨਾ ਵਿੱਚ 5 ਨਿੱਕੇ-ਨਿੱਕੇ ਬੱਚਿਆਂ ਸਮੇਤ 6 ਜਣਿਆਂ ਦੀ ਮੌਤ ਹੋਣ ਦੀ ਖਬਰ ਹੈ। ਕੁਰੀਅਰ ਮੇਲ ਦੇ ਹਵਾਲੇ ਤੋਂ ਹਾਸਿਲ ਜਾਣਕਾਰੀ ਅਨੁਸਾਰ 34 ਸਾਲਾ ਵੇਨ ਗੋਡੀਨੇਟ ਆਪਣੇ ਦੋ 4 ਸਾਲਾ ਜੁੜਵਾਂ ਪੁੱਤਰਾਂ, ਇੱਕ 3 ਸਾਲਾ, 11 ਸਾਲਾ ਜੈਕ, 10 ਸਾਲਾ ਹੈਰੀ ਅਤੇ ਪਤਨੀ ਸਮਾਂਥਾ ਸਟੀਫੇਨਸਨ ਨਾਲ ਘਰ ਵਿੱਚ ਆਰਾਮ ਕਰ ਰਿਹਾ ਸੀ। ਵੇਨ ਬੇਸਮੈਂਟ ਵਿੱਚ ਸੀ ਤੇ ਪਤਨੀ ਅਤੇ ਬੱਚੇ ਪਹਿਲੀ ਮੰਜਿਲ 'ਤੇ ਸਨ।ਵੇਨ ਨੇ ਜਦੋਂ ਬੱਚਿਆਂ ਦੀਆਂ ਚੀਕਾਂ ਸੁਣੀਆਂ ਤਾਂ ਉਹ ਬੱਚਿਆਂ ਨੂੰ ਬਚਾਉਣ ਲਈ ਬਿਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਅੱਗ ਵਿੱਚੋਂ ਪਹਿਲੀ ਮੰਜਿਲ ਦੇ ਜਾਣ ਦੀ ਕੋਸ਼ਿਸ਼ ਕਰਨ ਲੱਗਾ। ਪਰ ਇਸ ਦੌਰਾਨ ਪਹਿਲੀ ਮੰਜਿਲ ਢਹਿ ਗਈ ਤੇ ਬੱਚਿਆਂ ਸਮੇਤ ਵੇਨ ਦੀ ਵੀ ਮੌਤ ਹੋ ਗਈ। ਪਤਨੀ ਸਮਾਂਥਾ ਅਜੇ ਵੀ ਹਸਪਤਾਲ ਵਿੱਚ ਹੈ ਤੇ ਬੇਹੋਸ਼ੀ ਦੀ ਹਾਲਤ ਵਿੱਚ ਹੈ।ਘਰ ਨੂੰ ਲੱਗੀ ਅੱਗ ਇਨੀਂ ਭਿਆਨਕ ਸੀ ਕਿ ਇਸ ਵਿੱਚ 2 ਹੋਰ ਘਰ ਸੜ੍ਹਕੇ ਸੁਆਹ ਹੋ ਗਏ ਅਤੇ ਫਾਇਰ ਫਾਈਟਰਾਂ ਨੂੰ ਅੱਗ ਬੁਝਾਏ ਜਾਣ ਦੇ ਕਈ ਘੰਟਿਆਂ ਬਾਅਦ ਮਲਬੇ ਨੂੰ ਠੰਢੇ ਹੋਣ ਦੀ ਉਡੀਕ ਕਰਨੀ ਪਈ ਤਾਂ ਜੋ ਉਹ ਘਰ ਦੇ ਅੰਦਰ ਦਾਖਿਲ ਹੋ ਸਕਣ।ਇਸ ਘਟਨਾ ਨੇ ਪੂਰੇ ਆਸਟ੍ਰੇਲੀਆ ਵਿੱਚ ਸੋਗ ਦੀ ਲਹਿਰ ਫੈਲਾਅ ਦਿੱਤੀ ਹੈ।