ਇਮੀਗ੍ਰੇਸ਼ਨ ਨਿਊਜੀਲੈਂਡ ਦਾ ਸਟਾਫ ਵੀ ਪ੍ਰਵਾਸੀਆਂ ਦੀ ਲੁੱਟ-ਖਸੁੱਟ ਨੂੰ ਲੈਕੇ ਚਿੰਤਾ ਪ੍ਰਗਟਾਉਂਦਾ ਰਿਹਾ, ਪਰ ਉੱਚ ਅਧਿਕਾਰੀਆਂ ਨੇ ਇਸ ਸਭ ਨੂੰ ਕੀਤਾ ਅਣਗੋਲਿਆ

NZ Punjabi NewsNZ Punjabi News
ਇਮੀਗ੍ਰੇਸ਼ਨ ਨਿਊਜੀਲੈਂਡ ਦਾ ਸਟਾਫ ਵੀ ਪ੍ਰਵਾਸੀਆਂ ਦੀ ਲੁੱਟ-ਖਸੁੱਟ ਨੂੰ ਲੈਕੇ ਚਿੰਤਾ ਪ੍ਰਗਟਾਉਂਦਾ ਰਿਹਾ, ਪਰ ਉੱਚ ਅਧਿਕਾਰੀਆਂ ਨੇ ਇਸ ਸਭ ਨੂੰ ਕੀਤਾ ਅਣਗੋਲਿਆ
ਆਕਲੈਂਡ - ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਜਦੋਂ ਤੋਂ ਸ਼ੁਰੂ ਹੋਈ ਹੈ, ਤੱਦ ਤੋਂ ਹੀ ਪ੍ਰਵਾਸੀਆਂ ਦੀ ਲੱੁਟ-ਖਸੁੱਟ ਨੂੰ ਲੈਕੇ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਹੁਣ ਤੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚ ਪ੍ਰਵਾਸੀਆਂ ਤੋਂ ਹਜਾਰਾਂ ਡਾਲਰ ਲੈਕੇ ਉਨ੍ਹਾਂ ਨੂੰ ਵਰਕ ਵੀਜਿਆਂ 'ਤੇ ਨਿਊਜੀਲੈਂਡ ਸੱਦਿਆ ਤਾਂ ਗਿਆ, ਪਰ ਉਨ੍ਹਾਂ ਨੂੰ ਕੰਮ ਨਾ ਮਿਲਿਆ ਤੇ ਨਤੀਜਾ ਰਿਹਾ ਉਨ੍ਹਾਂ ਦੀ ਆਰਥਿਕ, ਸ਼ਰੀਰਿਕ ਤੇ ਮਾਨਸਿਕ ਲੁੱਟ-ਖਸੁੱਟ।ਹੁਣ ਇਹ ਸਾਹਮਣੇ ਆਇਆ ਹੈ ਕਿ ਇਸ ਵੀਜਾ ਸ਼੍ਰੇਣੀ ਦੀ ਕਾਰਗੁਜਾਰੀ ਨੂੰ ਲੈਕੇ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਸਟਾਫ ਵੀ ਲਗਾਤਾਰ ਚਿੰਤਾ ਪ੍ਰਗਟਾਉਂਦਾ ਰਿਹਾ ਹੈ, ਪਰ ਇਮੀਗ੍ਰੇਸ਼ਨ ਦੇ ਮੈਨੇਜਰ ਪੱਧਰ ਦੇ ਉੱਚ ਅਧਿਕਾਰੀਆਂ ਨੇ ਇਸ ਨੂੰ ਅਣਗੋਲਿਆ ਤੇ ਨਤੀਜਾ ਬਣਿਆ ਹਜਾਰਾਂ ਪ੍ਰਵਾਸੀਆਂ ਦੀ ਲੁੱਟ-ਖਸੁੱਟ।ਚਿੰਤਿਤ ਇਮੀਗ੍ਰੇਸ਼ਨ ਸਟਾਫ ਅਨੁਸਾਰ ਇਸ ਸ਼੍ਰੇਣੀ ਤਹਿਤ ਉਨ੍ਹਾਂ ਕਾਰੋਬਾਰੀਆਂ ਨੂੰ ਬਿਨ੍ਹਾਂ ਜਰੂਰੀ ਪੇਪਰਵਰਕ ਜਾਂ ਜਰੂਰੀ ਫਾਇਨੈਂਸ਼ਲ ਚੈੱਕ ਮਾਨਤਾ ਦਿੱਤੀ, ਜਿਨ੍ਹਾਂ ਬਾਰੇ ਇਹ ਸਹਿਜੇ ਹੀ ਅਨੁਮਾਨ ਲਾਇਆ ਜਾ ਸਕਦਾ ਸੀ ਕਿ ਉਨ੍ਹਾਂ ਵਲੋਂ ਜਾਰੀ ਕੀਤੀ ਗਈ ਨੌਕਰੀ ਦੀ ਪੇਸ਼ਕਸ਼ ਨਕਲੀ ਹੈ ਤੇ ਸਿਰਫ ਪ੍ਰਵਾਸੀਆਂ ਤੋਂ ਪੈਸਾ ਕਮਾਉਣ ਲਈ ਇਹ ਨੌਕਰੀ ਦੀ ਪੇਸ਼ਕਸ਼ ਜਾਰੀ ਕੀਤੀ ਗਈ ਹੈ।ਸਟਾਫ ਅਨੁਸਾਰ ਉਨ੍ਹਾਂ ਨੂੰ ਇਹ ਚਿੰਤਾ ਛੱਡ ਉਲਟਾ ਵੀਜਾ ਫਾਈਲਾਂ ਦੀ ਤੇਜ ਪ੍ਰੋਸੈਸਿੰਗ 'ਤੇ ਧਿਆਨ ਦੇਣ ਲਈ ਜੋਰ ਦਿੱਤਾ ਗਿਆ।ਸਟਾਫ ਅਨੁਸਾਰ ਸੀਨੀਅਰ ਮੈਨੇਜਰ ਇਸ ਗੱਲ ਨੂੰ ਲੈਕੇ ਬਿਲਕੁਲ ਵੀ ਚਿੰਤਾ ਵਿੱਚ ਨਹੀਂ ਹਨ ਕਿ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਘਟੀਆ ਵੀਜਾ ਪ੍ਰਣਾਲੀ ਹੈ। ਸਟਾਫ ਆਪਣੇ ਉੱਚ ਅਧਿਕਾਰੀਆਂ ਨੂੰ ਹੁਣ ਨਹੀਂ, ਬਲਕਿ ਬੀਤੇ 12 ਮਹੀਨਿਆਂ ਤੋਂ ਵੀ ਵਧੇਰੇ ਸਮੇਂ ਤੋਂ ਚੇਤਾਵਨੀਆਂ ਦਿੰਦਾ ਆ ਰਿਹਾ ਹੈ ਤੇ ਹੁਣ ਇਸ ਸਭ ਦਾ ਨਤੀਜਾ ਇਹ ਨਿਕਲਿਆ ਹੈ ਕਿ ਹਜਾਰਾਂ ਦੀ ਗਿਣਤੀ ਵਿੱਚ ਕਾਰੋਬਾਰੀਆਂ ਨੂੰ ਐਕਰੀਡੇਸ਼ਨ ਦੇ ਦਿੱਤੀ ਗਈ ਹੈ ਤੇ ਸੈਂਕੜੇ ਪ੍ਰਵਾਸੀ ਲੱੁਟਾਂ-ਖਸੁੱਟਾਂ ਦਾ ਸ਼ਿਕਾਰ ਹੋ ਰਹੇ ਹਨ।