ਸੜਕ ਹਾਦਸੇ ਵਿੱਚ ਮਾਰੀ ਗਈ ਨੌਜਵਾਨ ਮੁਟਿਆਰ ਦੀ ਮੌਤ ‘ਤੇ ਸੋਗ ਵਿੱਚ ਭਾਈਚਾਰਾ
ਆਕਲੈਂਡ - ਕ੍ਰਾਈਸਚਰਚ ਵਿਖੇ ਇੱਕ ਸੜਕ ਹਾਦਸੇ ਵਿੱਚ ਮ੍ਰਿਤਕ ਨੌਜਵਾਨ ਮੁਟਿਆਰ ਨੀਕੀਰਾ ਐਲੀਨ ਦੀ ਮੌਤ ਤੋਂ ਬਾਅਦ ਕ੍ਰਾਈਸਚਰਚ ਵੱਸਦੇ ਸਮੂਹ ਭਾਈਚਾਰਿਆਂ ਵਿੱਚ ਸੋਗ ਦੀ ਲਹਿਰ ਹੈ ਤੇ ਹਾਦਸੇ ਵਾਲੀ ਥਾਂ ਵੱਡੀ ਗਿਣਤੀ ਵਿੱਚ ਲੋਕ ਐਲੀਨ ਨੂੰ ਸ਼ਰਧਾਂਜਲੀ ਦੇਣ ਪੁੱਜ ਰਹੇ ਹਨ।ਹਾਦਸਾ ਹੇਅਰਵੁੱਡ ਦੇ ਗਰੇਅ ਵੇਕ ਰੋਡ 'ਤੇ ਵਾਪਰਿਆ ਸੀ।ਹਾਦਸੇ ਵਿੱਚ ਐਲੀਨ ਸਮੇਤ 2 ਹੋਰ ਯਾਤਰੀ ਗੰਭੀਰ ਜਖਮੀ ਹੋਏ ਸਨ, ਜਿਨ੍ਹਾਂ ਨੂੰ ਲਾਈਫ ਸੁਪੋਰਟ 'ਤੇ ਰੱਖਿਆ ਗਿਆ ਹੈ। ਐਲੀਨ ਹਾਦਸੇ ਮੌਕੇ 'ਤੇ ਗੱਡੀ ਚਲਾ ਰਹੀ ਸੀ। ਪੁਲਿਸ ਵਲੋਂ ਵੀ ਪਰਿਵਾਰ ਨੂੰ ਇਸ ਮੌਕੇ ਹਰ ਸੰਭਾਵੀ ਸੁਪੋਰਟ ਦਿੱਤੀ ਗਈ ਹੈ ਤੇ ਹਾਦਸੇ ਦੇ ਕਾਰਨਾਂ ਦੀ ਛਾਣਬੀਣ ਕਰ ਰਹੀ ਹੈ।ਐਲੀਨ ਬਹੁਤ ਹੀ ਚੰਗੇ ਸੁਭਾਅ ਦੀ, ਦੂਜਿਆਂ ਦੀ ਮੱਦਦ ਕਰਨ ਵਾਲੀ ਇੱਕ ਹਸਮੁੱਖ ਮੁਟਿਆਰ ਸੀ ਤੇ ਉਸਦੇ ਦੋਸਤਾਂ ਨੇ ਉਸਦੇ ਇਸ ਹਾਦਸੇ ਕਾਰਨ ਇਸ ਦੁਨੀਆਂ ਤੋਂ ਚਲੇ ਜਾਣ ਨੂੰ ਬਹੁਤ ਮੰਦਭਾਗਾ ਦੱਸਦਿਆਂ ਇਸਨੂੰ ਕਈਆਂ ਦੀ ਜਿੰਦਗੀ ਪ੍ਰਭਾਵਿਤ ਕਰਨ ਵਾਲੀ ਘਟਨਾ ਦੱਸਿਆ ਹੈ।